Daily Updated News Website

100 ਤੋਂ ਵੱਧ ਮਿਜ਼ਾਈਲੀ ਹਮਲਿਆਂ ਨਾਲ ਦਹਿਲਿਆ ਸੀਰੀਆ

0

ਵਾਸ਼ਿੰਗਟਨ-  ਸੀਰੀਆ ਵਿਚ 7 ਅਪ੍ਰੈਲ ਨੂੰ ਆਮ ਨਾਗਰਿਕਾਂ ‘ਤੇ ਹੋਏ ਰਸਾਇਣਿਕ ਹਮਲੇ ਦੇ ਜਵਾਬ ਵਿਚ ਸ਼ਨੀਵਾਰ ਤੜਕੇ ਅਮਰੀਕਾ, ਫਰਾਂਸ ਅਤੇ ਬਰਤਾਨੀਆ ਨੇ ਜੁਆਇੰਟ ਆਪ੍ਰੇਸ਼ਨ ਕਰਦਿਆਂ ਸੀਰੀਆ ‘ਤੇ 100 ਤੋਂ ਵੱਧ ਮਿਜ਼ਾਈਲਾਂ ਦਾਗ਼ੀਆਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੀਰੀਆ ਵਿਰੁੱਧ ਵੱਡੀ ਫੌਜੀ ਕਾਰਵਾਈ ਦਾ ਐਲਾਨ ਕਰਨ ਪਿੱਛੋਂ ਸੀਰੀਆ ਦੀ ਰਾਜਧਾਨੀ ਦਮਿਸ਼ਕ ਅਤੇ ਹੋਮਸ ਸ਼ਹਿਰ ਮਿਜ਼ਾਈਲੀ ਹਮਲਿਆਂ ਨਾਲ ਦਹਿਲ ਉਠੇ। ਦੋਵਾਂ ਸ਼ਹਿਰਾਂ ਦੇ ਆਸਮਾਨ ‘ਤੇ ਸੰਘਣਾ ਕਾਲਾ ਧੂੰਆਂ ਛਾ ਗਿਆ। ਟਰੰਪ ਨੇ ਕਿਹਾ ਕਿ ਇਹ ਸ਼ੈਤਾਨ ਦੀ ਇਨਸਾਨੀਅਤ ਵਿਰੁੱਧ ਕੀਤੀ ਗਈ ਕਾਰਵਾਈ ਦਾ ਜਵਾਬ ਹੈ।

ਸੀਰੀਆ ਦੀ ਹਵਾਈ ਰੱਖਿਆ ਸੇਵਾ ਨੇ ਅਮਰੀਕਾ, ਫਰਾਂਸ ਅਤੇ ਬਰਤਾਨੀਆ ਦੇ ਉਕਤ ਸਾਂਝੇ ਹਮਲਿਆਂ ਦਾ ਜਵਾਬ ਦਿੱਤਾ। ਸੀਰੀਆ ਦੇ ਸਰਕਾਰੀ ਟੈਲੀਵਿਜ਼ਨ ਮੁਤਾਬਕ ਦੱਖਣੀ ਦਮਿਸ਼ਕ ਵੱਲ ਆ ਰਹੀਆਂ 13 ਮਿਜ਼ਾਈਲਾਂ ਨੂੰ ਰਾਹ ਵਿਚ ਹੀ ਨਸ਼ਟ ਕਰ ਦਿੱਤਾ ਗਿਆ।
ਇਸ ਦੌਰਾਨ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਕਿਹਾ ਹੈ ਕਿ ਇਹ ਹਮਲੇ ਨਾ ਤਾਂ ਖਾਨਾਜੰਗੀ ਵਿਚ ਦਾਖਲ ਹਨ ਅਤੇ ਨਾ ਹੀ ਸਰਕਾਰ ਦੀ ਤਬਦੀਲੀ ਲਈ ਹਨ। ਇਹ ਸੀਮਤ ਅਤੇ ਨਿਸ਼ਾਨਾਬੱਧ ਹਮਲੇ ਹਨ, ਜੋ ਖੇਤਰ ਵਿਚ ਖਿਚਾਅ ਪੈਦਾ ਨਹੀਂ ਕਰਨਗੇ।

ਸੀਰੀਆ ਵਿਵਾਦ ਕੀ ਹੈ? 
– 2011 ‘ਚ ਖਾਨਾਜੰਗੀ ਸ਼ੁਰੂ ਹੋਈ। ਅਸਦ ਵਿਰੋਧੀ ਫੌਜੀਆਂ ਨੇ ਵੱਖਰੀ ਫੌਜ ਬਣਾਈ।
– 2015 ‘ਚ ਰੂਸ ਅਤੇ ਈਰਾਨ ਅਸਦ ਦੀ ਹਮਾਇਤ ‘ਚ ਆਏ।
– ਅਮਰੀਕਾ, ਫਰਾਂਸ ਅਤੇ ਬਰਤਾਨੀਆ ਅਸਦ ਵਿਰੋਧੀਆਂ ਨਾਲ ਹਨ।
– ਇਹ ਟਕਰਾਅ ਸ਼ੀਆ-ਸੁੰਨੀਆਂ ਦਾ ਵੀ ਹੈ। ਅਸਦ ਸ਼ੀਆ ਹਨ।
ਕੈਨੇਡਾ ਤੇ ਜਰਮਨ ਨੇ ਹਮਲਿਆਂ ਦੀ ਕੀਤੀ ਹਮਾਇਤ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਸੀਰੀਆ ਦੇ ਰਾਸ਼ਟਰਪਤੀ ਵਿਰੁੱਧ ਅਮਰੀਕਾ, ਬਰਤਾਨੀਆ ਅਤੇ ਫਰਾਂਸ ਵਲੋਂ ਕੀਤੇ ਗਏ ਹਮਲੇ ‘ਤੇ ਆਪਣੀ ਹਮਾਇਤ ਪ੍ਰਗਟਾਈ ਹੈ। ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਵੀ ਪੱਛਮੀ ਦੇਸ਼ਾਂ ਵਲੋਂ ਸੀਰੀਆ ‘ਤੇ ਕੀਤੇ ਗਏ ਹਮਲੇ ਨੂੰ ਜ਼ਰੂਰੀ ਕਰਾਰ ਦਿੱਤਾ ਹੈ।
ਰਸਾਇਣਿਕ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
ਹਮਲੇ ਦੌਰਾਨ ਸੀਰੀਆ ਦੇ ਰਸਾਇਣਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਪਹਿਲਾ ਹਮਲਾ ਦਮਿਸ਼ਕ ਦੇ ਸੈਂਟੀਫਿਕ ਰਿਸਰਚ ਇੰਸਟੀਚਿਊਟ ਵਿਖੇ ਕੀਤਾ ਗਿਆ। ਇਥੇ ਕੈਮੀਕਲ ਅਤੇ ਬਾਇਓਲਾਜੀਕਲ ਹਥਿਆਰ ਬਣਾਏ ਜਾਂਦੇ ਹਨ।
ਦੂਜਾ ਹਮਲਾ ਹੋਮਸ ਸ਼ਹਿਰ ਵਿਖੇ ਕੀਤਾ ਗਿਆ, ਜਿਥੇ ਰਸਾਇਣਿਕ ਹਥਿਆਰਾਂ ਨੂੰ ਰੱਖਿਆ ਜਾਂਦਾ ਹੈ। ਤੀਜਾ ਹਮਲਾ ਹੋਮਸ ਨੇੜੇ ਇਕ ਟਿਕਾਣੇ ‘ਤੇ ਕੀਤਾ ਗਿਆ ਜਿਥੇ ਰਸਾਇਣਿਕ ਹਥਿਆਰ ਤੇ ਹੋਰ ਉਪਕਰਨ ਸਟੋਰ ਕੀਤੇ ਜਾਂਦੇ ਹਨ।
ਟਰੰਪ ਨੇ ਰੂਸ ਨੂੰ ਘੇਰਿਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ‘ਤੇ ਹੋਏ ਹਮਲੇ ਨੂੰ ਲੈ ਕੇ ਰੂਸ ਨੂੰ ਘੇਰਿਆ ਹੈ। ਟਰੰਪ ਨੇ ਕਿਹਾ ਕਿ ਸੀਰੀਆ ‘ਤੇ ਹੋਇਆ ਹਮਲਾ ਅਸਦ ਦੇ ਰਸਾਇਣਿਕ ਹਥਿਆਰਾਂ ਦੀ ਵਰਤੋਂ ਨੂੰ ਰੋਕਣ ਦੀ ਰੂਸ ਦੀ ਨਾਕਾਮੀ ਦਾ ਸਿੱਧਾ ਸਿੱਟਾ ਹੈ।
ਭੁਗਤਣਾ ਹੋਵੇਗਾ ਅੰਜਾਮ- ਰੂਸ
ਰੂਸ ਨੇ ਤਿੱਖਾ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਮਰੀਕਾ, ਫਰਾਂਸ ਅਤੇ ਬਰਤਾਨੀਆ ਨੂੰ ਸੀਰੀਆ ‘ਤੇ ਕੀਤੇ ਗਏ ਹਮਲੇ ਦਾ ਅੰਜਾਮ ਭੁਗਤਣਾ ਪਏਗਾ। ਅਮਰੀਕਾ ‘ਚ ਰੂਸ ਦੇ ਰਾਜਦੂਤ ਐਨਾਤੋਲੀ ਨੇ ਇਕ ਤਿੱਖਾ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਹਮਲੇ ਦੇ ਨਤੀਜੇ ਭਿਆਨਕ ਨਿਕਲ ਸਕਦੇ ਹਨ। ਪ੍ਰਮਾਣੂ ਜੰਗ ਵੀ ਛਿੜ ਸਕਦੀ ਹੈ। ਸੀਰੀਆ ‘ਤੇ ਹਮਲਿਆਂ ਦੌਰਾਨ ਰੂਸ ਦੇ ਟਿਕਾਣਿਆਂ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਹੈ। ਰੂਸ ਦੇ ਰਾਸ਼ਟਰਪਤੀ ਦਾ ਅਪਮਾਨ ਅਸੀਂ ਬਰਦਾਸ਼ਤ ਨਹੀਂ ਕਰਾਂਗੇ।

Leave A Reply

Your email address will not be published.

Translate »