Daily Updated News Website

ਹੁਣ ਅਮਰੀਕਾ ਦੇ 96 ਗੁਰਦੁਆਰਿਆ ‘ਚ ਭਾਰਤੀ ਅਫਸਰਾਂ ਦੇ ਦਾਖਲੇ ‘ਤੇ ਲੱਗੀ ਪਾਬੰਦੀ

0

ਨਿਊਯਾਰਕ— ਬੀਤੇ ਦਿਨ ਐਤਵਾਰ ਨੂੰ ਕੈਨੇਡਾ, ਇੰਗਲੈਂਡ ਤੋਂ ਬਾਅਦ ਹੁਣ ਅਮਰੀਕਾ ਦੀਆਂ 96 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜੱਥੇਬੰਦੀਆਂ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ‘ਤੇ ਫੈਸਲਾ ਕੀਤਾ ਹੈ ਕਿ 96 ਗੁਰਦੁਆਰਾ ਸਾਹਿਬ ਵਿਚ ‘ਭਾਰਤ ਸਰਕਾਰ ਦੇ ਅਧਿਕਾਰੀਆਂ ਅਤੇ ਭਾਰਤ ਸਰਕਾਰ ਦੇ ਹਿੱਤਾਂ ਦੀ ਪ੍ਰਤੀਨਿੱਧਤਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਮਰੀਕਾ ਦੇ ਗੁਰਦੁਆਰਿਆਂ ਵਿਚ ਦਾਖਲੇ, ਨਗਰ ਕੀਰਤਨਾਂ, ਸਮੇਤ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਇਜਾਜਤ ਨਹੀਂ ਦਿੱਤੀ ਜਾਵੇਗੀ।

ਇਸ ਸਬੰਧੀ ਇਕ ਲਿਖਤੀ ਬਿਆਨ ਜਾਰੀ ਕਰਦਿਆ ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਕਨਵੀਨਰ ਸ. ਹਿੰਮਤ ਸਿੰਘ ਨੇ ਕਿਹਾ ਹੈ ਕਿ ਇਹ ਫੈਸਲਾ ਇਸ ਕਰਕੇ ਕੀਤਾ ਹੈ ਕਿਉਂਕਿ ਭਾਰਤ ਸਰਕਾਰ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ 40 ਹੋਰ ਗੁਰਦੁਆਰਿਆਂ ‘ਤੇ ਹੋਏ ਹਮਲੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਬਾਹੀ, ਨਵੰਬਰ 1984 ਵਿਚ ਦਿੱਲੀ ਅਤੇ ਪੂਰੇ ਭਾਰਤ ਵਿਚ ਸਿੱਖ ਕਤਲੇਆਮ, ਪੰਜਾਬ ਦੇ ਦਰਿਆਈ ਪਾਣੀਆਂ ਅਤੇ ਖੇਤੀਬਾੜੀ ਉੱਤਪਾਦਾਂ ਦੀ ਲਗਾਤਾਰ ਲੁੱਟ-ਮਾਰ ਅਤੇ ਦਹਾਕਿਆਂ ਤੋਂ ਜਾਰੀ ਪੰਜਾਬ ਦੇ ਸਿੱਖਾਂ ਦੀਆਂ ਵਾਧੂ-ਜੁਡੀਸ਼ੀਅਲ ਕਤਲਾਂ ਲਈ ਜਿੰਮੇਵਾਰ ਹੈ। ਇਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਭਾਰਤ ਸਰਕਾਰ ਕੈਦੀਆਂ ਦੀ ਕਾਲ-ਕੋਠੜੀ ਅੰਦਰ ਬੇੜ੍ਹੀਆਂ ਵਿਚ ਜਕੜ੍ਹੇ ਅਤੇ ਡਾਕਟਰੀ ਇਲਾਜ ਤੋਂ ਵਾਂਝਿਆਂ ਕਰ ਕੇ ਨਜ਼ਰਬੰਦ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਭਾਰਤ ਸਰਕਾਰ ਭਾਰਤੀ ਜੇਲਾਂ ਵਿਚ ਬੰਦ ਸਿੱਖ ਰਾਜਨੀਤਕ ਕੈਦੀਆਂ ਨੂੰ ਜੇਲ ਦੇ ਨਿਯਮਾਂ ਮੁਤਾਬਕ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਗ਼ੈਰਸੰਵਿਧਾਨਕ ਤਰੀਕੇ ਨਾਲ ਕੈਦ ਵਿਚ ਰੱਖ ਰਹੀ ਹੈ। ਭਾਰਤੀ ਸਰਕਾਰ ਸਿੱਖ ਨੌਜਵਾਨਾਂ ਦੀਆਂ ਗ਼ੈਰ-ਕਾਨੂੰਨੀ ਗ੍ਰਿਫਤਾਰੀਆਂ ਅਤੇ ਪੁਲਸ ਵੱਲੋਂ ਸਿੱਖ ਕਾਰਕੁੰਨਾ ਉੱਤੇ ਅਣਮਨੁੱਖੀ ਤਸ਼ੱਦਦ ਕਰ ਕੇ ਦਹਿਸ਼ਤ ਭਰਿਆ ਮਾਹੌਲ ਪੈਦਾ ਕਰ ਰਹੀ ਹੈ। ਬੀ.ਜੇ.ਪੀ ਦੀ ਭਾਰਤੀ ਸਰਕਾਰ ਆਰ.ਐਸ.ਐਸ. ਦੇ ਹਿੰਦੂਤਵੀ (ਹਿੰਦੂ ਰਾਸ਼ਟਰ) ਦੇ ਏਜੰਡੇ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਹੋਰ ਸਾਰੇ ਘੱਟ-ਗਿਣਤੀ ਧਰਮਾਂ ਨੂੰ ਆਪਣੇ ਅਧੀਨ ਕਰ ਰਹੀ ਹੈ। ਭਾਰਤੀ ਸੰਵਿਧਾਨ, ਆਰਟੀਕਲ 25 ਬੀ ਤਹਿਤ ਸਿੱਖ ਧਰਮ ਨੂੰ ਵੱਖਰੇ ਧਰਮ ਵਜੋਂ ਮਾਨਤਾ ਨਹੀਂ ਦਿੰਦਾ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ ਹੀ ਜੋੜਿਆ ਜਾਂਦਾ ਹੈ ਜਦ ਕਿ ਸਿੱਖ ਇਕ ਵੱਖਰੀ ਕੌਮ ਹੈ। ਇਹ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇਹ ਫੈਸਲਾ ਅੱਜ ਤੋਂ ਹੀ ਲਾਗੂ ਕੀਤਾ ਜਾਂਦਾ ਹੈ।

Leave A Reply

Your email address will not be published.

Translate »