Daily Updated News Website

ਸ਼ਹੀਦਾਂ ਦੇ ਬੱਚਿਆਂ ਦੀ ਟਿਊਸ਼ਨ ਫੀਸ ‘ਤੇ ਘਿਰੀ ਮੋਦੀ ਸਰਕਾਰ

0

ਨਵੀਂ ਦਿੱਲੀ- ਸ਼ਹੀਦਾਂ ਦੇ ਬੱਚਿਆਂ ਦੀ ਟਿਊਸ਼ਨ ਫੀਸ ਦੀ ਲਿਮਟ ਫਿਕਸ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਰੱਖਿਆ ਮੰਤਰਾਲੇ ‘ਤੇ ਲਗਾਤਾਰ ਟਿਊਸ਼ਨ ਫੀਸ ਦੀ ਲਿਮਟ ਵਾਪਸ ਲੈਣ ਦਾ ਦਬਾਅ ਬਣ ਰਿਹਾ ਹੈ। ਇਸ ਵਿਚਾਲੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਭਰੋਸਾ ਦਵਾਇਆ ਕਿ ਸਰਕਾਰ ਅਜਿਹਾ ਕੋਈ ਵੀ ਕਦਮ ਨਹੀਂ ਚੁੱਕੇਗੀ, ਜਿਸ ਨਾਲ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।

ਦਰਅਸਲ ਪਿਛਲੇ ਦਿਨੀਂ ਸਰਕਾਰ ਨੇ ਸ਼ਹੀਦਾਂ ਦੇ ਬੱਚਿਆਂ ਦੀ ਟਿਊਸ਼ਨ ਤੇ ਹੋਸਟਲ ਫੀਸ ਦੀ ਲਿਮਟ ਫਿਕਸ ਕਰ ਦਿੱਤੀ ਸੀ ਜਿਸ ਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਹੈ। ਸਤੰਬਰ ਦੀ 13 ਤਰੀਕ ਨੂੰ ਰੱਖਿਆ ਮੰਤਰਾਲੇ ਦੇ ਡਿਪਾਰਟਮੈਂਟ ਆਫ ਐਕਸ ਸਰਵਿਸਮੈਨ ਵੈਲਫੇਅਰ ਨੇ ਇਸ ਦੇ ਹੁਕਮ ਜਾਰੀ ਕੀਤੇ ਸਨ। ਇਸ ‘ਚ ਸ਼ਹੀਦ, ਅਪਾਹਜ ਤੇ ਲਾਪਤਾ ਅਫਸਰਾਂ ਦੇ ਬੱਚਿਆਂ ਦੀ ਟਿਊਸ਼ਨ ਫੀਸ ਦੀ ਭੁਗਤਾਨ ਲਿਮਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਸੀ।

ਇਸ ਫੈਸਲੇ ਦਾ ਸਿੱਧਾ ਅਸਰ ਉਨ੍ਹਾਂ 3 ਹਜ਼ਾਰ ਬੱਚਿਆਂ ‘ਤੇ ਪਵੇਗਾ ਜਿਨ੍ਹਾਂ ਦੀ ਪੜ੍ਹਾਈ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਦੇ ਇਸ ਕਦਮ ਤੋਂ ਸਿਰਫ ਚਾਰ ਕਰੋੜ ਰੁਪਏ ਪ੍ਰਤੀ ਸਾਲ ਦੀ ਬਚਤ ਹੋਣ ਦੀ ਉਮੀਦ ਹੈ। ਸ਼ਹੀਦਾਂ ਦੀਆਂ ਪਤਨੀਆਂ ਨੇ ਰੱਖਿਆ ਮੰਤਰਾਲੇ ਨੂੰ ਚਿੱਠੀ ਲਿਖੀ ਹੈ ਜਿਸ ‘ਚ ਇਹ ਲਿਮਟ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ 1971 ‘ਚ ਭਾਰਤ-ਪਾਕਿਸਤਾਨ ਲੜਾਈ ਤੋਂ ਬਾਅਦ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ‘ਚ ਸ਼ਹੀਦ ਦੇ ਬੱਚਿਆਂ ਦੀ ਟਿਊਸ਼ਨ ਫੀਸ ਤੋਂ ਇਲਾਵਾ ਹੋਸਟਲ, ਕਿਤਾਬਾਂ, ਯੂਨੀਫਾਰਮ ਦਾ ਪੂਰਾ ਖਰਚਾ ਮਿਲਦਾ ਸੀ।

Leave A Reply

Your email address will not be published.

Translate »