Daily Updated News Website

ਵਿਗਿਆਨੀ ਦੀ ਚਿਤਾਵਨੀ: ਏਲੀਅਨਜ਼ ਨੂੰ ਛੇੜਨਾ ਮਹਿੰਗਾ ਪੈ ਸਕਦੈ

0

ਲੰਡਨ- ਅਜੋਕੇ ਸੰਸਾਰ ਦੇ ਸਭ ਤੋਂ ਪ੍ਰਮੁੱਖ ਵਿਗਿਆਨੀ ਸਟੀਫਨ ਹਾਕਿੰਗ ਨੇ ਇੱਕ ਵਾਰ ਫਿਰ ਮਨੁੱਖ ਨੂੰ ਏਲੀਅਨਜ਼ ਦੀ ਖੋਜ ਬਾਰੇ ਚਿਤਾਵਨੀ ਦਿੱਤੀ ਹੈ। ਹਾਕਿੰਗ ਇਹ ਨਹੀਂ ਚਾਹੁੰਦੇ ਕਿ ਦੁਨੀਆ ਦੇ ਲੋਕ ਏਲੀਅਨਜ਼ ਨਾਲ ਸੰਪਰਕ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਏਲੀਅਨ ਸਾਡੇ ਤੋਂ ਕਿਤੇ ਵੱਧ ਤਾਕਤਵਰ ਅਤੇ ਖ਼ਤਰਨਾਕ ਹੋਣ ਅਤੇ ਮਨੁੱਖ ਨੂੰ ਬੈਕਟੀਰੀਆ ਸਮਝ ਕੇ ਖ਼ਤਮ ਹੀ ਕਰ ਦੇਣ।

ਸਟੀਫਨ ਹਾਕਿੰਗ ਨੇ ਇਹ ਚਿਤਾਵਨੀ ਆਪਣੀ ਆਨਲਾਈਨ ਫ਼ਿਲਮ ‘ਸਟੀਫਨ ਹਾਕਿੰਗਜ਼ ਫੈਵਰੇਟ ਪਲੇਸੇਜ਼’ ਵਿੱਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਏਲੀਅਨਜ਼ ਨਾਲ ਸੰਪਰਕ ਕਰਨਾ ਮਨੁੱਖ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ। ਹਾਕਿੰਗ ਨੇ ਕਿਹਾ ਹੈ ਕਿ ਉਹ ਏਲੀਅਨਜ਼ ਬਾਰੇ ਲੱਗਦਾ ਹੈ ਕਿ ਤਕਨੀਕ ਦੇ ਮਾਮਲੇ ਵਿਚ ਉਹ ਸਾਡੇ ਤੋਂ ਕਾਫ਼ੀ ਅੱਗੇ ਹਨ, ਉਨ੍ਹਾਂ ਨਾਲ ਸੰਪਰਕ ਦਾ ਯਤਨ ਖ਼ਤਰਨਾਕ ਹੋ ਸਕਦਾ ਹੈ। ਆਪਣੀ ਆਨਲਾਈਨ ਫ਼ਿਲਮ ਵਿਚ ਹਾਕਿੰਗ ਨੇ ਕਿਹਾ ਕਿ ਆਪਣੇ ਤੋਂ ਵੱਧ ਆਧੁਨਿਕ ਸਭਿਅਤਾ ਨਾਲ ਸਾਡਾ ਪਹਿਲਾ ਸੰਪਰਕ ਸ਼ਾਇਦ ਉਸੇ ਤਰ੍ਹਾਂ ਹੋਵੇ, ਜਿਸ ਤਰ੍ਹਾਂ ਅਮਰੀਕੀਆਂ ਦਾ ਕ੍ਰਿਸਟੋਫਰ ਕੋਲੰਬਸ ਨਾਲ ਹੋਇਆ ਸੀ ਤੇ ਉਸ ਤੋਂ ਬਾਅਦ ਦੇ ਹਾਲਾਤ ਵਧੀਆ ਨਹੀਂ ਰਹੇ ਸਨ।

ਹਾਕਿੰਗ ਦੀ ਇਹ ਫ਼ਿਲਮ ਲੋਕਾਂ ਨੂੰ ਬ੍ਰਹਿਮੰਡ ਦੀਆਂ ਪੰਜ ਅਹਿਮ ਥਾਵਾਂ ਦੀ ਸੈਰ ਕਰਵਾਉਂਦੀ ਹੈ। ਲੋਕ ਇਹ ਸੈਰ ਹਾਕਿੰਗ ਦੇ ਸਪੇਸ ਕਰਾਫ਼ਟ ਐੱਸ ਐੱਸ ਹਾਕਿੰਗ ਵਿਚ ਕਰਦੇ ਹਨ। ਫ਼ਿਲਮ ਵਿਚ ਹਾਕਿੰਗ ਨੇ ‘ਸਲੀਕ 832 ਸੀ’ ਗ੍ਰਹਿ ਬਾਰੇ ਵੀ ਦੱਸਿਆ ਹੈ, ਜਿਹੜਾ 16 ਪ੍ਰਕਾਸ਼ ਸਾਲ ਦੂਰ ਹੈ। ਹਾਕਿੰਗ ਦਾ ਮੰਨਣਾ ਹੈ ਕਿ ਇੱਕ ਦਿਨ ਇਸੇ ਗ੍ਰਹਿ ਤੋਂ ਏਲੀਅਨਜ਼ ਦਾ ਸਿਗਨਲ ਮਿਲੇਗਾ ਪਰ ਉਨ੍ਹਾਂ ਨੂੰ ਜਵਾਬ ਦੇਣ ਵਿਚ ਮਨੁੱਖ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਉਹ ਮਨੁੱਖ ਤੋਂ ਵੱਧ ਤਾਕਤਵਰ ਹੋ ਸਕਦੇ ਹਨ।

ਹਾਕਿੰਗ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਉਹ ਜ਼ਿੰਦਗੀ ਵਿਚ ਅੱਗੇ ਵਧ ਰਹੇ ਹਨ, ਉਨ੍ਹਾਂ ਦਾ ਵਿਸ਼ਵਾਸ ਪੱਕਾ ਹੁੰਦਾ ਜਾਂਦਾ ਹੈ ਕਿ ਬ੍ਰਹਿਮੰਡ ਉੱਤੇ ਅਸੀਂ ਇਕੱਲੇ ਨਹੀਂ, ਹੋਰ ਵੀ ਲੋਕ ਹਨ, ਜਿਨ੍ਹਾਂ ਦਾ ਸਾਨੂੰ ਪਤਾ ਨਹੀਂ। ਪਿਛਲੇ ਸਾਲ ਵੀ ਹਾਕਿੰਗ ਨੇ ਦੂਜੇ ਗ੍ਰਹਿਆਂ ਉੱਤੇ ਜੀਵਨ ਤਲਾਸ਼ਣ ਲਈ ਲਾਂਚ ਕੀਤੇ ਇੱਕ ਪ੍ਰਾਜੈਕਟ ਦੌਰਾਨ ਕਿਹਾ ਸੀ ਕਿ ਹੋ ਸਕਦਾ ਹੈ ਕਿ ਕੋਈ ਸਾਡੇ ਸੰਦੇਸ਼ ਪੜ੍ਹ ਰਿਹਾ ਹੈ ਤੇ ਉਹ ਸਾਡੇ ਤੋਂ ਲੱਖਾਂ ਸਾਲ ਅੱਗੇ ਹੋ ਸਕਦਾ ਹੈ।

Leave A Reply

Your email address will not be published.

Translate »