Daily Updated News Website

ਕੈਪਟਨ ਨੇ ਸੁਖਬੀਰ ਬਾਦਲ ਨੂੰ ਦਿੱਤਾ ਜਵਾਬ, ਮੈਨੂੰ ਸਿੱਖਿਆ ਦੇਣ ਦੀ ਲੋੜ ਨਹੀਂ

ਪੰਜਾਬ ਨੂੰ ਆਰਥਿਕ ਤੌਰ 'ਤੇ ਦੀਵਾਲੀਆ ਬਣਾਉਣ ਲਈ ਸਾਬਕਾ ਅਕਾਲੀ ਸਰਕਾਰ ਜ਼ਿੰਮੇਵਾਰ- ਕੈਪਟਨ ਅਮਰਿੰਦਰ ਸਿੰਘ

0

ਜਲੰਧਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ਾਸਨ ਚਲਾਉਣ ਦੀ ਉਨ੍ਹਾਂ ਦੀ (ਮੁੱਖ ਮੰਤਰੀ) ਕਾਰਜ ਪ੍ਰਣਾਲੀ ਦੀ ਆਲੋਚਨਾ ਕਰਨ ‘ਤੇ ਉਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਮੈਨੂੰ ਸਾਬਕਾ ਉਪ ਮੰਤਰੀ ਤੋਂ ਸ਼ਾਸਨ ਚਲਾਉਣ ਦੇ ਸਬੰਧ ‘ਚ ਕੋਈ ਸਿੱਖਿਆ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਸਾਬਕਾ ਅਕਾਲੀ-ਭਾਜਪਾ ਗਠਜੋੜ ਦੇ ਕੁਸ਼ਾਸਨ ਨੇ 10 ਸਾਲਾਂ ‘ਚ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਰਥਿਕ ਤੌਰ ‘ਤੇ ਦੀਵਾਲੀਆ ਬਣਾਉਣ ਲਈ ਸਾਬਕਾ ਅਕਾਲੀ ਸਰਕਾਰ ਜ਼ਿੰਮੇਵਾਰ ਹੈ, ਇਸ ਲਈ ਸੁਖਬੀਰ ਨੂੰ ਕਾਂਗਰਸ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸ਼ਾਸਨ ‘ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਦਾ ਬਿਆਨ ਪੂਰੀ ਤਰ੍ਹਾਂ ਬੇਤੁਕਾ ਹੈ ਅਤੇ ਇਸ ‘ਚ ਉਸ ਦੀ ਨਿਰਾਸ਼ਾ ਝਲਕਦੀ ਹੈ ਕਿਉਂਕਿ ਅਕਾਲੀ ਦਲ ਰਾਜ ਦੇ ਸਿਆਸੀ ਨਕਸ਼ੇ ਤੋਂ ਗਾਇਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਕਾਂਗਰਸ ਦੇ ਸ਼ਾਸਨਕਾਲ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ, ਸਗੋਂ ਉਹ ਹੁਣ ਅਕਾਲੀ ਦਲ ‘ਤੇ ਕੰਟਰੋਲ ਬਣਾਈ ਰੱਖਣ ਲਈ ਫਿਕਰਮੰਦ ਰਹੇ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਦੇ ਸਮੇਂ ਪੁਲਸ ਤੇ ਪ੍ਰਸ਼ਾਸਨਿਕ ਅਫਸਰਸ਼ਾਹੀ ਨਾਲ ਜਿਸ ਤਰ੍ਹਾਂ ਦਾ ਮਾੜਾ ਵਰਤਾਓ ਕੀਤਾ ਜਾਂਦਾ ਸੀ, ਉਸ ‘ਚ ਉਹ (ਮੁੱਖ ਮੰਤਰੀ) ਭਰੋਸਾ ਨਹੀਂ ਰੱਖਦੇ ਹਨ। ਇਸ ਲਈ ਉਨ੍ਹਾਂ ਨੇ ਸਿਵਲ ਤੇ ਪੁਲਸ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਡਰ ਦੇ ਕੰਮ ਕਰਨ ਲਈ ਫ੍ਰੀ ਹੈਂਡ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੂੰ ਖੁੱਲ੍ਹਾ ਹੱਥ ਨਾ ਦਿੱਤਾ ਜਾਂਦਾ ਤਾਂ ਰਾਜ ‘ਚ ਗੈਂਗਸਟਰਾਂ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ। ਪੰਜਾਬ ਪੁਲਸ ਨੇ ਨਾ ਸਿਰਫ ਗੈਂਗਸਟਰਾਂ ‘ਤੇ ਕਾਬੂ ਪਾਇਆ, ਸਗੋਂ ਟਾਰਗੈੱਟ ਕਿਲਿੰਗਸ ‘ਤੇ ਰੋਕ ਲਾਈ ਅਤੇ ਕਾਨੂੰਨ ਵਿਵਸਥਾ ਦੀ ਹਾਲਤ ਬਹਾਲ ਕੀਤੀ ਹੈ। ਰਾਜ ‘ਚ ਅਫਸਰਸ਼ਾਹੀ ਹੁਣ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ, ਜਦੋਂਕਿ ਇਕ ਦਹਾਕੇ ਪਹਿਲਾਂ ਤਕ ਇਸ ‘ਚ ਕਮੀਆਂ ਆ ਗਈਆਂ ਸਨ।
ਮੁੱਖ ਮੰਤਰੀ ਨੇ ਸੁਖਬੀਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਇਕ ਵੀ ਕਾਨੂੰਨੀ ਸਟੈਂਡ ਦੱਸੇ ਜੋ ਉਨ੍ਹਾਂ ਦੀ ਸਰਕਾਰ ਨੇ ਸਿੱਧੂ ਦੇ ਮਾਮਲੇ ‘ਚ ਸੁਪਰੀਮ ਕੋਰਟ ‘ਚ ਲਿਆ ਹੋਵੇ। ਸੁਖਬੀਰ ਨੂੰ ਹੁਣ ਆਪਣੀ ਊਰਜਾ ਦਾ ਇਸਤੇਮਾਲ ਕੇਂਦਰ ‘ਚ ਆਪਣੀ ਸਹਿਯੋਗੀ ਪਾਰਟੀ ਭਾਜਪਾ ਸਰਕਾਰ ਵੱਲ ਲਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੁਖਬੀਰ ‘ਤੇ ਵਰ੍ਹਦੇ ਹੋਏ ਕਿਹਾ ਕਿ ਉਹ ਵਿੱਤੀ ਹਾਲਤ ਨੂੰ ਲੈ ਕੇ ਗਲਤ ਬਿਆਨ ਦੇ ਰਹੇ ਹਨ। ਅਸਲ ‘ਚ ਬਾਦਲਾਂ ਨੇ ਤਾਂ ਸੂਬੇ ਦੀ ਜਾਇਦਾਦ ਨੂੰ ਜ਼ਿਆਦਾ ਫੰਡ ਪ੍ਰਾਪਤ ਕਰਨ ਦੇ ਮਕਸਦ ਨਾਲ ਗਿਰਵੀ ਰੱਖ ਦਿੱਤਾ। ਸਾਬਕਾ ਬਾਦਲ ਸਰਕਾਰ ਨੂੰ ਵਿੱਤੀ ਪ੍ਰਬੰਧਾਂ ਦੀ ਜ਼ਰਾ ਵੀ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਨਾ ਸਿਰਫ ਪੰਜਾਬ ਦੀ ਜਾਇਦਾਦ ਨੂੰ ਗਿਰਵੀ ਰੱਖਿਆ ਗਿਆ ਸਗੋਂ ਨੌਜਵਾਨਾਂ ਦੇ ਭਵਿੱਖ ਨਾਲ ਵੀ ਖਿਲਵਾੜ ਕੀਤਾ ਗਿਆ। ਹੁਣ ਪੰਜਾਬ ‘ਤੇ 2.08 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ, ਜਿਸ ਲਈ ਅਕਾਲੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਸੁਖਬੀਰ ਬਚਕਾਨੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਹੁਣ ਆਪਣੇ ਨਾਲ ਬਾਦਲ ਸ਼ਬਦ ਜੋੜਨ ਦਾ ਨੈਤਿਕ ਅਧਿਕਾਰ ਨਹੀਂ ਹੈ।

Leave A Reply

Your email address will not be published.

Translate »