Daily Updated News Website

ਅਮਰੀਕਾ ਜਾਣ ਲਈ ਘਰੋਂ ਗਏ 6 ਨੌਜਵਾਨਾ ਲਾਪਤਾ

ਟਰੈਵਲ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ

0

ਜਲੰਧਰ- ਅਮਰੀਕਾ ਜਾਣ ਲਈ ਘਰੋਂ ਗਏ 6 ਨੌਜਵਾਨਾਂ ਦੇ ਮਾਪਿਆਂ ਨੇ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਮਾਪਿਆਂ ਨੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਗੇ ਲਾਪਤਾ ਬੱਚਿਆਂ ਨੂੰ ਲੱਭਣ ਦੀ ਗੁਹਾਰ ਲਾਈ ਹੈ।

ਮਾਪਿਆਂ ਨੇ ਮੀਡੀਆ ਨੂੰ ਦੱਸਿਆ ਕਿ ਅਮਰੀਕਾ ਜਾਣ ਲਈ ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ 6 ਨੌਜਵਾਨ ਦੋ ਟਰੈਵਲ ਏਜੰਟਾਂ ਰਣਜੀਤ ਸਿੰਘ ਰਾਣਾ ਅਤੇ ਸੁਖਵਿੰਦਰ ਸਿੰਘ ਰਾਹੀਂ ਗਏ ਸਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖ ਰੈਜਮੈਂਟ ਦੀ 22ਵੀਂ ਬਟਾਲੀਅਨ ਦੇ ਸੂਬੇਦਾਰ ਸ਼ਮਸ਼ੇਰ ਸਿੰਘ, ਜਿਸ ਦਾ ਪੁੱਤਰ ਇੰਦਰਜੀਤ ਸਿੰਘ ਅਮਰੀਕਾ ਜਾਣ ਲਈ ਘਰੋਂ ਗਿਆ ਸੀ, ਨੇ ਦੱਸਿਆ ਕਿ ਦੋ ਅਗਸਤ ਤੋਂ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਗੱਲ ਨਹੀਂ ਹੋਈ। ਉਹ ਟਰੈਵਲ ਏਜੰਟ ਖ਼ਿਲਾਫ਼ ਕਾਰਵਾਈ ਲਈ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਵੀ ਮਿਲੇ ਸਨ।

ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਨਾਂ ਦਾ ਟਰੈਵਲ ਏਜੰਟ, ਜੋ ਕਿ ਪੰਜਾਬ ਪੁਲੀਸ ਪੀ.ਏ.ਪੀ. ਵਿੱਚ ਏ.ਐਸ.ਆਈ. ਹੈ, ਨਾਲ ਇੰਦਰਜੀਤ ਨੂੰ ਵਿਦੇਸ਼ ਭੇਜਣ ਲਈ 35 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਟਰੈਵਲ ਏਜੰਟ ਨੂੰ 12 ਲੱਖ ਰੁਪਏ ਪਹਿਲਾਂ ਤੇ ਬਾਕੀ ਬਾਅਦ ਵਿੱਚ ਦਿੱਤੇ ਗਏ ਸਨ।

ਪਿੰਡ ਪੁਰੀਕਾ ਦੇ ਰਹਿਣ ਵਾਲੇ ਜਰਨੈਲ ਸਿੰਘ ਤੇ ਉਨ੍ਹਾਂ ਦੀ ਪਤਨੀ ਸਤਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਸਰਬਜੀਤ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਏਜੰਟ ਸੁਖਵਿੰਦਰ ਸਿੰਘ ਨੂੰ ਦਿੱਤੇ ਸਨ। ਸਰਬਜੀਤ ਨਾਲ ਆਖ਼ਰੀ ਵਾਰ 2 ਅਗਸਤ ਨੂੰ ਗੱਲ ਹੋਈ ਸੀ। ਉਸ ਨੇ ਆਪਣੇ ਵੀਜ਼ੇ ਦੀਆਂ ਤਸਵੀਰਾਂ ਵੀ ਮੋਬਾਈਲ ’ਤੇ ਭੇਜੀਆਂ ਸਨ।

ਸੁਖਵਿੰਦਰ ਨੇ ਉਨ੍ਹਾਂ ਦੇ ਘਰ ਆ ਕੇ ਵਧਾਈਆਂ ਵੀ ਦਿੱਤੀਆਂ ਸਨ ਕਿ ਸਰਬਜੀਤ ਅਮਰੀਕਾ ਪਹੁੰਚ ਗਿਆ ਹੈ। ਮਗਰੋਂ ਜਦੋਂ ਉਨ੍ਹਾਂ ਦੇ ਪੁੱਤਰ ਦਾ ਕੋਈ ਪਤਾ ਨਾ ਲੱਗਾ ਤਾਂ ਟਰੈਵਲ ਏਜੰਟ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਿਆ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਨਾ ਤਲਵੰਡੀ ਦੇ ਨਵਦੀਪ ਸਿੰਘ (19) ਤੇ ਭੰਡਾਲ ਦੋਨੇ ਦੇ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ ਜਸਪ੍ਰੀਤ ਸਿੰਘ ਨੇ ਟਰੈਵਲ ਏਜੰਟ ਰਣਜੀਤ ਸਿੰਘ ਰਾਣਾ ਵਾਸੀ ਖੱਸਣ ਨੂੰ 52 ਲੱਖ ਰੁਪਏ ਦਿੱਤੇ ਸਨ।

ਨਵਦੀਪ ਸਿੰਘ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਰਾਣਾ ਨੇ ਸਾਰੇ ਪੈਸੇ ਲੈਣ ਮਗਰੋਂ ਦੋਵਾਂ ਨੌਜਵਾਨਾਂ ਨੂੰ ਅਮਰੀਕਾ ਲਈ ਰਵਾਨਾ ਕੀਤਾ ਸੀ। ਤਿੰਨ ਮਹੀਨੇ ਪਹਿਲਾਂ ਮੁੰਡਿਆਂ ਨਾਲ ਗੱਲ ਹੋਈ ਸੀ ਪਰ ਹੁਣ ਕੁਝ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਦੇ ਲੜਕੇ ਨਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਵੀ ਗਿਆ ਸੀ, ਜਿਸ ਨੇ 32 ਲੱਖ ਰੁਪਏ ਏਜੰਟ ਨੂੰ ਦਿੱਤੇ ਸਨ।

ਪੀੜਤ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਪਹਿਲਾਂ ਦੁਬਈ ਲਿਜਾਇਆ ਗਿਆ ਸੀ, ਉਥੋਂ ਮਾਸਕੋ ਤੇ ਫਿਰ ਬਾਹਮਾਸ ਲੈ ਗਏ। ਮਗਰੋਂ ਲੜਕਿਆਂ ਦਾ ਕੋਈ ਥਹੁ-ਪਤਾ ਨਹੀਂ ਲੱਗਾ।

Leave A Reply

Your email address will not be published.

Translate »